ਭਾਈਚਾਰਕ ਸੰਗਠਨਾਂ ਨੂੰ ਪ੍ਰਭਾਵਿਤ ਕਰਨ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਦੀਆਂ ਉਦਾਹਰਣਾਂ

ਭਾਈਚਾਰਕ ਸੰਸਥਾਵਾਂ ਭਾਈਚਾਰਿਆਂ ਦਾ ਸਮਰਥਨ ਕਰਨ ਅਤੇ ਉਨ੍ਹਾਂ ਨੂੰ ਆਕਾਰ ਦੇਣ, ਫੈਸਲੇ ਲੈਣ ਨੂੰ ਪ੍ਰਭਾਵਿਤ ਕਰਨ ਅਤੇ ਵਿਭਿੰਨ ਸਮੂਹਾਂ ਨੂੰ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੀਆਂ ਹਨ।

ਭਾਈਚਾਰਕ ਸੰਗਠਨ ਦੇ ਵਿਆਪਕ ਨੈੱਟਵਰਕ ਅਤੇ ਭਰੋਸੇਮੰਦ ਸੰਬੰਧ ਉਨ੍ਹਾਂ ਨੂੰ ਭਾਈਚਾਰਕ ਅਗਵਾਈ ਅਤੇ ਸ਼ਮੂਲੀਅਤ ਵਿੱਚ ਮੁੱਖ ਖਿਡਾਰੀ ਬਣਾਉਂਦੇ ਹਨ।

ਗੁਪਤ, ਜ਼ਬਰਦਸਤੀ, ਧੋਖੇਬਾਜ਼ੀ ਜਾਂ ਭ੍ਰਿਸ਼ਟ ਕਾਰਵਾਈਆਂ ਰਾਹੀਂ ਕਿਸੇ ਭਾਈਚਾਰਕ ਸੰਗਠਨ ਨੂੰ ਨਿਸ਼ਾਨਾ ਬਣਾਉਣ ਵਾਲੀ ਵਿਦੇਸ਼ੀ ਦਖਲਅੰਦਾਜ਼ੀ ਉਸ ਸੰਗਠਨ ਦੀ ਸੁਤੰਤਰਤਾ ਨੂੰ ਕਮਜ਼ੋਰ ਕਰ ਸਕਦੀ ਹੈ ਅਤੇ ਭਾਈਚਾਰਕ ਵਿਸ਼ਵਾਸ ਤੇ ਸਮਾਜਿਕ ਏਕਤਾ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਇਹ ਸੰਗਠਨ ਅਤੇ ਵਿਆਪਕ ਭਾਈਚਾਰੇ ਦੋਵਾਂ ਦੀ ਰੱਖਿਆ, ਸੁਰੱਖਿਆ ਅਤੇ ਵਿਚਾਰ ਪ੍ਰਗਟ ਕਰਨ ਅਤੇ ਇਕੱਠੇ ਹੋਣ ਦੀਆਂ ਆਜ਼ਾਦੀਆਂ ਲਈ ਵੀ ਖਤਰਾ ਪੈਦਾ ਕਰ ਸਕਦੀ ਹੈ।

ਇਸ ਬਾਰੇ ਹੋਰਜਾਣੋ ਕਿ ਨਿਊਜ਼ੀਲੈਂਡ ਵਿੱਚ ਵਿਦੇਸ਼ੀ ਦਖਲਅੰਦਾਜ਼ੀ ਕਰਨ ਵਾਲੇ ਵਿਦੇਸ਼ੀ ਰਾਜ ਕਿਵੇਂ ਭਾਈਚਾਰਕ ਸੰਗਠਨਾਂ ਨੂੰ ਨਿਸ਼ਾਨਾ ਬਣਾ ਸਕਦੇ ਹਨ ਅਤੇ ਤੁਸੀਂ ਇਸ ਤੋਂ ਬਚਾਅ ਕਿਵੇਂ ਕਰ ਸਕਦੇ ਹੋ

ਹੇਠਾਂ ਤਿੰਨ ਉਦਾਹਰਣਾਂ ਦਿੱਤੀਆਂ ਗਈਆਂ ਹਨ ਕਿ ਕਿਵੇਂ ਵਿਦੇਸ਼ੀ ਦਖਲਅੰਦਾਜ਼ੀ ਭਾਈਚਾਰਕ ਸੰਗਠਨਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਹਨਾਂ ਉਦਾਹਰਣਾਂ ਵਿੱਚ, "ਵਿਦੇਸ਼ੀ ਰਾਜ" ਦਾ ਅਰਥ ਨਿਊਜ਼ੀਲੈਂਡ ਤੋਂ ਇਲਾਵਾ ਕੋਈ ਵੀ ਹੋਰ ਦੇਸ਼ ਹੈ।

ਇਹ ਉਦਾਹਰਣਾਂ ਉਨ੍ਹਾਂ ਸੂਝਾਂ 'ਤੇ ਆਧਾਰਿਤ ਹਨ ਜੋ ਬਹੁ-ਸੱਭਿਆਚਾਰਕ ਨਿਊਜ਼ੀਲੈਂਡ - ਨਿਊਜ਼ੀਲੈਂਡ ਫੈਡਰੇਸ਼ਨ ਆਫ ਮਲਟੀਕਲਚਰਲ ਕੌਂਸਲਜ਼ ਨੇ ਨਸਲੀ ਭਾਈਚਾਰਿਆਂ ਦੇ ਮੰਤਰਾਲੇ ਨਾਲ ਸਾਂਝੀਆਂ ਕੀਤੀਆਂ ਹਨ। ਅਸੀਂ ਇਸ ਸਰੋਤ ਅਤੇ 'ਵਿਦੇਸ਼ੀ ਦਖਲਅੰਦਾਜ਼ੀ ਤੋਂ ਆਪਣੇ ਭਾਈਚਾਰਕ ਸੰਗਠਨ ਦੀ ਸੁਰੱਖਿਆ ' ਸਰੋਤ ਵਿੱਚ ਉਨ੍ਹਾਂ ਦੇ ਕੀਮਤੀ ਯੋਗਦਾਨ ਲਈ ਉਨ੍ਹਾਂ ਦਾ ਧੰਨਵਾਦ ਕਰਦੇ ਹਾਂ।

ਹੇਠਾਂ ਦਿੱਤੀਆਂ ਉਦਾਹਰਣਾਂ ਕਲਪਨਾਤਮਕ ਸਥਿਤੀਆਂ ਹਨ ਜੋ ਉਹਨਾਂ ਗਤੀਵਿਧੀਆਂ ਨੂੰ ਦਰਸਾਉਂਦੀਆਂ ਹਨ ਜਿਨ੍ਹਾਂ ਨੂੰ ਅਪਰਾਧ ਐਕਟ 1961 ਦੇ ਤਹਿਤ ਸੰਭਾਵੀ ਤੌਰ 'ਤੇ ਵਿਦੇਸ਼ੀ ਦਖਲਅੰਦਾਜ਼ੀ ਮੰਨਿਆ ਜਾ ਸਕਦਾ ਹੈ।

ਇਹ ਆਮ ਜਾਣਕਾਰੀ ਹੈ। ਇਹ ਸਿਰਫ਼ ਤੁਹਾਡੀ ਸਮਝ ਲਈ ਹੈ ਅਤੇ ਇਹ ਕਾਨੂੰਨੀ ਮਸ਼ਵਰਾ ਨਹੀਂ ਹੈ। ਖਾਸ ਕਾਨੂੰਨੀ ਮਸ਼ਵਰੇ ਲਈ, ਕਿਸੇ ਯੋਗਤਾ ਪ੍ਰਾਪਤ ਕਾਨੂੰਨੀ ਪੇਸ਼ੇਵਰ ਨਾਲ ਗੱਲ ਕਰੋ।

ਉਦਾਹਰਨ 1: ਨਵੇਂ ਚੁਣੇ ਗਏ ਬੋਰਡ ਮੈਂਬਰ ਜੋ ਕਿਸੇ ਵਿਦੇਸ਼ੀ ਰਾਜ ਦੀ ਤਰਫੋਂ ਕੰਮ ਕਰਦੇ ਹਨ

ਇੱਕ ਭਾਈਚਾਰਕ ਸੰਸਥਾ ਹਰ ਦੋ ਸਾਲਾਂ ਬਾਅਦ ਬੋਰਡ ਚੋਣਾਂ ਕਰਵਾਉਂਦੀ ਹੈ। ਦੋ ਨਵੇਂ ਮੈਂਬਰ ਚੋਣ ਪ੍ਰਚਾਰ ਕਰਨ ਅਤੇ ਭਾਈਚਾਰੇ ਨਾਲ ਜੁੜਨ ਤੋਂ ਬਾਅਦ ਚੁਣੇ ਗਏ।

ਆਪਣੀ ਚੋਣ ਤੋਂ ਬਾਅਦ, ਇਹਨਾਂ ਦੋਵਾਂ ਮੈਂਬਰਾਂ ਨੇ ਆਪਣੇ ਮੂਲ ਦੇਸ਼ ਦੀ ਸਰਕਾਰ ਲਈ ਪ੍ਰੌਕਸੀ ਵਜੋਂ ਕੰਮ ਕੀਤਾ। ਉਨ੍ਹਾਂ ਨੇ ਵਿਦੇਸ਼ੀ ਰਾਜ ਦੀ ਸਰਕਾਰ ਦੇ ਨਿਰਦੇਸ਼ਾਂ ਅਧੀਨ ਕੰਮ ਕੀਤਾ, ਅਤੇ ਇਸ ਸੰਬੰਧ ਨੂੰ ਜਾਣਬੁੱਝ ਕੇ ਸੰਸਥਾ ਤੋਂ ਲੁਕਾਇਆ ਗਿਆ।

ਦੋ ਮੈਂਬਰਾਂ ਨੇ ਜਾਣਬੁੱਝ ਕੇ ਕੁਝ ਭਾਈਚਾਰਕ ਮੁੱਦਿਆਂ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜੋ ਵਿਦੇਸ਼ੀ ਰਾਜ ਦੇ ਹਿੱਤਾਂ ਨਾਲ ਟਕਰਾਉਂਦੇ ਸਨ। ਉਨ੍ਹਾਂ ਨੇ ਆਪਣੀਆਂ ਕਾਰਵਾਈਆਂ ਨੂੰ ਆਮ ਸੰਸਥਾਗਤ ਫੈਸਲੇ ਲੈਣ ਦੇ ਰੂਪ ਵਿੱਚ ਪੇਸ਼ ਕੀਤਾ, ਪਰ ਉਹ ਧੋਖੇ ਨਾਲ ਵਿਦੇਸ਼ੀ ਸਰਕਾਰ ਦੇ ਹਿੱਤਾਂ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਉਨ੍ਹਾਂ ਨੇ ਬੋਰਡ ਦੇ ਹੋਰ ਮੈਂਬਰਾਂ 'ਤੇ ਵੀ ਦਬਾਅ ਪਾਇਆ ਜੋ ਅਸਹਿਮਤ ਸਨ ਅਤੇ ਵਿਦੇਸ਼ੀ ਰਾਜ ਨਾਲ ਮੇਲ ਖਾਂਦੇ ਵਿਚਾਰਾਂ ਨੂੰ ਅੱਗੇ ਵਧਾਇਆ।

ਜਦੋਂ ਹੋਰ ਬੋਰਡ ਮੈਂਬਰਾਂ ਨੇ ਕਿਹਾ ਕਿ ਉਹ ਭਾਈਚਾਰੇ ਦੇ ਲੋਕਾਂ ਦੇ ਵਿਚਾਰ ਦਰਸਾਉਂਦੇ ਹਨ, ਤਾਂ ਉਹਨਾਂ ਦੋ ਮੈਂਬਰਾਂ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ, ਪੁੱਛਿਆ “ਉਹ ਕੌਣ ਹਨ?” ਅਤੇ ਉਹਨਾਂ ਸਮੁਦਾਇਕ ਮੈਂਬਰਾਂ ਬਾਰੇ ਨਿੱਜੀ ਵਿਅਕਤੀਗਤ ਜਾਣਕਾਰੀ ਦੀ ਮੰਗ ਕੀਤੀ। ਇਹ ਸ਼ੱਕ ਕਰਦੇ ਹੋਏ ਕਿ ਨਵੇਂ ਮੈਂਬਰ ਵਿਦੇਸ਼ੀ ਰਾਜ ਲਈ ਪ੍ਰੌਕਸੀ ਵਜੋਂ ਕੰਮ ਕਰ ਰਹੇ ਹੋ ਸਕਦੇ ਹਨ, ਬੋਰਡ ਦੇ ਦੂਜੇ ਮੈਂਬਰਾਂ ਨੇ ਇਹ ਜਾਣਕਾਰੀ ਪ੍ਰਦਾਨ ਨਹੀਂ ਕੀਤੀ।

ਸੰਸਥਾ ਨੂੰ ਸ਼ੱਕ ਹੋਇਆ ਕਿ ਨਵੇਂ ਮੈਂਬਰ ਵਿਦੇਸ਼ੀ ਰਾਜ ਨੂੰ ਰਿਪੋਰਟ ਕਰ ਰਹੇ ਸਨ, ਕਿਉਂਕਿ ਬੋਰਡ ਮੀਟਿੰਗਾਂ ਵਿੱਚ ਵਿਵਾਦਿਤ ਮਸਲਿਆਂ ‘ਤੇ ਚਰਚਾ ਤੋਂ ਬਾਅਦ ਹੋਰ ਬੋਰਡ ਮੈਂਬਰਾਂ ਨੂੰ ਸੋਸ਼ਲ ਮੀਡੀਆ ‘ਤੇ ਗੁਮਨਾਮ ਧਮਕੀਆਂ ਮਿਲਣ ਲੱਗ ਪਈਆਂ ਸਨ। ਇਹ ਮੀਟਿੰਗਾਂ ਜਨਤਾ ਜਾਂ ਭਾਈਚਾਰੇ ਦੇ ਮੈਂਬਰਾਂ ਲਈ ਖੁੱਲ੍ਹੀਆਂ ਨਹੀਂ ਸਨ, ਅਤੇ ਚਰਚਾ ਕੀਤੀ ਗਈ ਜਾਣਕਾਰੀ ਜਨਤਕ ਤੌਰ 'ਤੇ ਉਪਲਬਧ ਨਹੀਂ ਕਰਵਾਈ ਗਈ ਸੀ।

ਇੱਕ ਵਿਦੇਸ਼ੀ ਰਾਜ ਨੇ ਸੰਗਠਨ ਦੇ ਅੰਦਰੂਨੀ ਫੈਸਲਿਆਂ ਵਿੱਚ ਗੁਪਤ ਰੂਪ ਵਿੱਚ ਦਖਲ ਦੇਣ ਅਤੇ ਵਿਦੇਸ਼ੀ ਰਾਜ ਦੇ ਹਿੱਤਾਂ ਤੋਂ ਵੱਖਰੇ ਵਿਚਾਰਾਂ ਨੂੰ ਦਬਾਉਣ ਲਈ ਪ੍ਰੌਕਸੀਆਂ ਦੀ ਵਰਤੋਂ ਕੀਤੀ।

ਵਿਚਾਰਾਂ ਨੂੰ ਜਾਣਬੁੱਝ ਕੇ ਦਬਾਉਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਭਾਈਚਾਰੇ ਦੀ ਪ੍ਰਗਟਾਵੇ ਦੀ ਆਜ਼ਾਦੀ ਨੂੰ ਕਮਜ਼ੋਰ ਕਰਦੀਆਂ ਹਨ।

ਨਿੱਜੀ ਜਾਣਕਾਰੀ ਦੀ ਮੰਗ ਭਾਈਚਾਰੇ ਦੇ ਮੈਂਬਰਾਂ ਦੀ ਸੁਰੱਖਿਆ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ।

‘ਪ੍ਰਾਕਸੀ ਜਾਂ ਪ੍ਰਾਕਸੀਜ਼’ ਇੱਕ ਵਿਅਕਤੀ ਜਾਂ ਸਮੂਹ ਹੁੰਦਾ ਹੈ, ਜੋ ਅਕਸਰ ਨਿਊਜ਼ੀਲੈਂਡ ਦੇ ਅੰਦਰ ਰਹਿੰਦਾ ਹੈ, ਜੋ ਸੁਰੱਖਿਆ ਚਿੰਤਾ ਦੀਆਂ ਗਤੀਵਿਧੀਆਂ ਕਰਨ ਲਈ ਕਿਸੇ ਵਿਦੇਸ਼ੀ ਰਾਜ ਵੱਲੋਂ ਕੰਮ ਕਰਦਾ ਹੈ।

ਉਦਾਹਰਣ 2: ਕਿਸੇ ਭਾਈਚਾਰਕ ਸਮਾਗਮ ਵਿੱਚ ਕੌਣ ਹਿੱਸਾ ਲੈ ਸਕਦਾ ਹੈ, ਇਸ ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ

ਇੱਕ ਭਾਈਚਾਰਕ ਸੰਗਠਨ ਨਿਊਜ਼ੀਲੈਂਡ ਵਿੱਚ ਵਿਰਾਸਤ, ਪਛਾਣ ਅਤੇ ਭਾਈਚਾਰੇ ਦੇ ਇਤਿਹਾਸ ਦਾ ਜਸ਼ਨ ਮਨਾਉਣ ਲਈ ਆਪਣਾ ਸਾਲਾਨਾ ਸੱਭਿਆਚਾਰਕ ਤਿਉਹਾਰ ਆਯੋਜਿਤ ਕਰ ਰਿਹਾ ਸੀ।

ਇੱਕ ਵਿਦੇਸ਼ੀ ਸਰਕਾਰ ਦੀ ਨੁਮਾਇੰਦਗੀ ਕਰਨ ਲਈ ਵਿਆਪਕ ਤੌਰ ‘ਤੇ ਜਾਣੇ ਜਾਂਦੇ ਇੱਕ ਵਿਅਕਤੀ ਨੇ ਸਮਾਗਮ ਦੇ ਪ੍ਰਬੰਧਕਾਂ 'ਤੇ ਦਬਾਅ ਪਾਇਆ ਕਿ ਉਹ ਖਾਸ ਭਾਈਚਾਰੇ ਦੇ ਮੈਂਬਰਾਂ ਨੂੰ ਬਾਹਰ ਰੱਖਣ ਜਿਨ੍ਹਾਂ ਦੇ ਵਿਚਾਰ "ਦੇਸ਼ ਦੇ ਹਿੱਤਾਂ ਦੇ ਵਿਰੁੱਧ" ਮੰਨੇ ਜਾਂਦੇ ਸਨ।

ਉਸ ਵਿਅਕਤੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਪ੍ਰਬੰਧਕਾਂ ਨੇ ਪਾਲਣਾ ਨਹੀਂ ਕੀਤੀ, ਤਾਂ ਉਹ ਪ੍ਰਭਾਵਸ਼ਾਲੀ ਭਾਈਚਾਰਕ ਆਗੂਆਂ ਕੋਲ ਸੰਗਠਨ ਦੀ ਜਨਤਕ ਤੌਰ 'ਤੇ ਆਲੋਚਨਾ ਕਰਨ, ਨਕਾਰਾਤਮਕ ਸੰਦੇਸ਼ ਫੈਲਾਉਣ, ਅਤੇ ਭਾਈਚਾਰੇ ਦੇ ਅੰਦਰ ਸੰਗਠਨ ਦੀ ਸਥਿਤੀ ਅਤੇ ਭਰੋਸੇਯੋਗਤਾ ਨੂੰ ਕਮਜ਼ੋਰ ਕਰਨ ਲਈ ਪਹੁੰਚ ਕਰਨਗੇ।

ਵਿਦੇਸ਼ੀ ਰਾਜ ਨੂੰ ਇਹ ਪਤਾ ਸੀ ਕਿ ਇਸ ਨਾਲ ਸੰਸਥਾ ਦੀ ਨਿਊਜ਼ੀਲੈਂਡ ਸਰਕਾਰੀ ਏਜੰਸੀਆਂ ਅਤੇ ਹੋਰ ਫੰਡਿੰਗ ਸੰਸਥਾਵਾਂ ਤੋਂ ਕਮਿਊਨਿਟੀ ਫੰਡਿੰਗ ਪ੍ਰਾਪਤ ਕਰਨ ਦੀ ਸਮਰੱਥਾ ‘ਤੇ ਨਕਾਰਾਤਮਕ ਅਸਰ ਪਵੇਗਾ।

ਸੰਗਠਨ ਨੇ ਪਛਾਣ ਕੀਤੀ ਕਿ ਇਹਨਾਂ ਧਮਕੀਆਂ ਦੀ ਵਰਤੋਂ ਉਹਨਾਂ ਨੂੰ ਉਹਨਾਂ ਦੇ ਸਮਾਵੇਸ਼ੀ ਮੁੱਲਾਂ ਦੇ ਵਿਰੁੱਧ ਕੰਮ ਕਰਨ ਲਈ ਮਜਬੂਰ ਕਰਨ ਅਤੇ ਇਸਦੇ ਫੈਸਲੇ ਲੈਣ ਵਿੱਚ ਦਖਲ ਦੇਣ ਲਈ ਕੀਤੀ ਜਾ ਰਹੀ ਸੀ। ਸੰਗਠਨ ਨੇ ਲੋਕਾਂ ਨੂੰ ਬਾਹਰ ਰੱਖਣ ਤੋਂ ਇਨਕਾਰ ਕਰ ਦਿੱਤਾ, ਪਰ ਉਸਨੂੰ ਆਪਣੀ ਸਾਖ ਨੂੰ ਹੋ ਸਕਦੇ ਸੰਭਾਵਿਤ ਨੁਕਸਾਨ ਬਾਰੇ ਚਿੰਤਾ ਸੀ।

ਇੱਕ ਵਿਦੇਸ਼ੀ ਰਾਜ ਦਾ ਇਰਾਦਾ ਸੰਗਠਨ ਦੇ ਸਮਾਵੇਸ਼ੀ ਮੁੱਲਾਂ ਦੇ ਉਲਟ ਫੈਸਲਿਆਂ ਨੂੰ ਮਜਬੂਰ ਕਰਨ ਲਈ ਜ਼ਬਰਦਸਤੀ ਅਤੇ ਸਾਖ ਸੰਬੰਧੀ ਖਤਰਿਆਂ ਦੀ ਵਰਤੋਂ ਕਰਕੇ ਭਾਈਚਾਰਕ ਭਾਗੀਦਾਰੀ ਨੂੰ ਨਿਯੰਤਰਿਤ ਕਰਨਾ ਸੀ।

ਵਿਦੇਸ਼ੀ ਰਾਜ ਨੇ ਆਪਣੇ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਇੱਕ ਭਾਈਚਾਰਕ ਸੰਗਠਨ ਵਿੱਚ ਦਖਲ ਦਿੱਤਾ, ਅਤੇ ਉਨ੍ਹਾਂ ਦੀਆਂ ਬਦਲੇ ਦੀਆਂ ਕਾਰਵਾਈਆਂ ਦਾ ਖ਼ਤਰਾ ਸੰਗਠਨ ਨੂੰ ਨਿਊਜ਼ੀਲੈਂਡ ਸਮਾਜ ਵਿੱਚ ਪੂਰੀ ਤਰ੍ਹਾਂ ਹਿੱਸਾ ਲੈਣ ਤੋਂ ਰੋਕਦਾ ਹੈ।

ਉਦਾਹਰਣ 3: ਭਾਈਚਾਰੇ ਦੇ ਮੈਂਬਰਾਂ ਦੀ ਨਿੱਜੀ ਜਾਣਕਾਰੀ ਤੱਕ ਪਹੁੰਚ ਕਰਨ ਲਈ ਵਰਤੇ ਜਾਂਦੇ ਫੰਡਿੰਗ ਅਤੇ ਤੋਹਫ਼ੇ

ਇੱਕ ਨਵੀਂ ਭਾਈਚਾਰਕ ਸੰਸਥਾ ਨੇ ਆਪਣੇ ਭਾਈਚਾਰੇ ਦੇ ਅੰਦਰ ਆਪਣੀ ਪਹਿਚਾਣ ਅਤੇ ਪ੍ਰਭਾਵ ਵਧਾਉਣਾ ਸ਼ੁਰੂ ਕਰ ਦਿੱਤਾ।

ਉਨ੍ਹਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਦੇ ਦੂਤਾਵਾਸ ਨਾਲ ਮਿਲਣ ਲਈ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਨੇ ਸਵੀਕਾਰ ਕਰ ਲਿਆ। ਉਹਨਾਂ ਨੂੰ ਖੁਸ਼ੀ ਹੋਈ ਕਿ ਉਹਨਾਂ ਦੇ ਕੰਮ ਨੂੰ ਪਹਿਚਾਣ ਦਿੱਤੀ ਜਾ ਰਹੀ ਹੈ ਅਤੇ ਉਹਨਾਂ ਨੇ ਸੋਚਿਆ ਕਿ ਇਹ ਦੂਤਾਵਾਸ ਨਾਲ ਇੱਕ ਸਕਾਰਾਤਮਕ ਸਬੰਧ ਬਣਾਉਣ ਦਾ ਇੱਕ ਕੀਮਤੀ ਮੌਕਾ ਸੀ।

ਮੀਟਿੰਗ ਵਿੱਚ, ਉਨ੍ਹਾਂ ਨੂੰ ਸੰਗਠਨ ਲਈ ਨਿਰੰਤਰ ਵਿੱਤੀ ਸਹਾਇਤਾ ਅਤੇ ਵਿਅਕਤੀਗਤ ਮੈਂਬਰਾਂ ਲਈ ਤੋਹਫ਼ਿਆਂ ਦੀ ਪੇਸ਼ਕਸ਼ ਕੀਤੀ ਗਈ। ਉਨ੍ਹਾਂ ਨੂੰ ਸੰਗਠਨ ਦੀਆਂ ਗਤੀਵਿਧੀਆਂ ਲਈ ਦੂਤਾਵਾਸ ਵੱਲੋਂ ਜਨਤਕ ਸਹਾਇਤਾ ਦੀ ਪੇਸ਼ਕਸ਼ ਵੀ ਕੀਤੀ ਗਈ ਸੀ। ਭਾਈਚਾਰਕ ਸੰਗਠਨ ਨੇ ਦੂਤਾਵਾਸ ਵੱਲੋਂ ਉਨ੍ਹਾਂ ਦੇ ਕੰਮ ਲਈ ਮਾਨਤਾ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਸਮੇਂ ਦੇ ਨਾਲ, ਸੰਗਠਨ ਦੀਆਂ ਕੁਝ ਗਤੀਵਿਧੀਆਂ ਵਿੱਤੀ ਸਹਾਇਤਾ 'ਤੇ ਨਿਰਭਰ ਹੋ ਗਈਆਂ।

ਛੇ ਮਹੀਨਿਆਂ ਬਾਅਦ, ਦੂਤਾਵਾਸ ਨੇ ਸੰਗਠਨ ਨਾਲ ਕੰਮ ਕਰਨ ਵਾਲੇ ਭਾਈਚਾਰੇ ਦੇ ਮੈਂਬਰਾਂ ਬਾਰੇ ਨਿੱਜੀ ਵਿਅਕਤੀਗਤ ਜਾਣਕਾਰੀ ਮੰਗੀ, ਅਤੇ ਕਿਹਾ ਕਿ ਪ੍ਰਦਾਨ ਕੀਤੀ ਗਈ ਸਹਾਇਤਾ ਦੇ ਕਾਰਨ ਸੰਗਠਨ ਉਨ੍ਹਾਂ ਦਾ ਅਹਿਸਾਨਮੰਦ ਹੈ ਅਤੇ "ਉਨ੍ਹਾਂ ਦਾ ਅਹਿਸਾਨ ਚੁਕਾਉਣਾ ਬਣਦਾ ਹੈ।"

ਸੰਸਥਾ ਨੂੰ ਨਿੱਜੀ ਜਾਣਕਾਰੀ ਪ੍ਰਦਾਨ ਕਰਨ ਲਈ ਮਜਬੂਰ ਕੀਤਾ ਗਿਆ ਅਤੇ ਡਰਾਇਆ ਗਿਆ, ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਦੂਤਾਵਾਸ ਦਾ ਸਮਰਥਨ ਬੰਦ ਹੋ ਗਿਆ, ਜਿਸ ਨਾਲ ਸੰਗਠਨ ਦੀਆਂ ਕੁਝ ਗਤੀਵਿਧੀਆਂ ਪ੍ਰਭਾਵਿਤ ਹੋਈਆਂ।

ਇੱਕ ਵਿਦੇਸ਼ੀ ਰਾਜ ਨੇ ਜਾਣਬੁੱਝ ਕੇ ਤੋਹਫ਼ਿਆਂ ਅਤੇ ਫੰਡਿੰਗ ਦੀ ਵਰਤੋਂ ਸੰਗਠਨ ‘ਤੇ ਪ੍ਰਭਾਵ ਬਣਾਉਣ ਲਈ ਕੀਤੀ ਅਤੇ ਫਿਰ ਭਾਈਚਾਰੇ ਦੇ ਮੈਂਬਰਾਂ ਬਾਰੇ ਸੰਵੇਦਨਸ਼ੀਲ ਨਿੱਜੀ ਜਾਣਕਾਰੀ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ।

ਇਹ ਵਿਦੇਸ਼ੀ ਰਾਜ ਦੇ ਆਪਣੇ ਉਦੇਸ਼ਾਂ ਲਈ ਜਾਣਕਾਰੀ ਇਕੱਠੀ ਕਰਨ ਅਤੇ ਸੰਗਠਨਾਤਮਕ ਫੈਸਲਿਆਂ ਵਿੱਚ ਦਖਲ ਦੇਣ ਦੀ ਇੱਕ ਜ਼ਬਰਦਸਤੀ ਕੋਸ਼ਿਸ਼ ਸੀ।

ਇਸ ਜਾਣਕਾਰੀ ਨੂੰ ਇੱਥੇ ਡਾਊਨਲੋਡ ਕਰੋ - ਜਲਦ ਆ ਰਿਹਾ/ਰਹੀ ਹੈ